Saturday, December 24, 2022
ਗੁਰਮੁਖੀ ਅਤੇ ਸ਼ਾਹਮੁਖੀ ਲਿੱਪੀ ਵਿੱਚ ਮੁਸਲਸਲ ਗ਼ਜ਼ਲ / ਅੰਮ੍ਰਿਤਪਾਲ ਸਿੰਘ ਸ਼ੈਦਾ
ਮੁਸਲਸਲ ਗ਼ਜ਼ਲ
مُسلسل غزل
ਅਮਲ ਹੋਵੇ ਜੇ ਬੰਦੇ ਦਾ ਕਿਸੇ ਫ਼ਨਕਾਰ ਦੇ ਵਾਂਗੂੰ
ਤਾਂ ਮਾਂ-ਬੋਲੀ ਹੈ ਉਸ ਦੇ ਵਾਸਤੇ ਗੁਲਜ਼ਾਰ ਦੇ ਵਾਂਗੂੰ
عمل ہووے جے بندے دا کسے فن کار دے وانگُوں
تاں ماں بولی ہے اُس دے واسطے گُلزاردے وانگُوں
ਅਮੀਰੀ ਇਸ ਦੇ ਸਾਹਿਤ ਦੀ ਅਮੀਰੀ ਕ਼ੌਮ ਦੀ ਹੁੰਦੀ
ਬਸ਼ਰ ਹੈ ਪੁਸਤਕਾਂ ਵਾਲ਼ਾ ਵੀ ਸ਼ਾਹੂਕਾਰ ਦੇ ਵਾਂਗੂੰ
امیری اس دے ساہت دی امیری قَوم دی ھُندی
بشر ھَے پُستکاں والا وی شاہُوکار دے وانگُوں
ਹੈ ਇਸ ਦੀ ਵਰਣਮਾਲ਼ਾ,ਗਹਿਣੇਂ ਮਾਨੋ ਸੋਨੇ ਚਾਂਦੀ ਦੇ
ਜੇ ਇਸ ਨੂੰ ਪਰਖਿਆ ਜਾਵੇ ਕਿਸੇ ਸੁਨਿਆਰ ਦੇ ਵਾਂਗੂੰ
ھَے اس دی ورن مالہ گہنیں مانو سونے چاندی دے
جے اس نُوں پرکھیا جاوے کسے سُنیار دے وانگُوں
ਜ਼ਮੀਰਾਂ ਨੇ ਅਗਰ ਜ਼ਿੰਦਾ ਤਾਂ ਬੋਲੀ ਵੀ ਸਲਾਮਤ ਹੈ
ਨਹੀਂ ਤਾਂ ਬੋਲੀ ਮਰ ਜਾਂਦੀ ਕਿਸੇ ਲਾਚਾਰ ਦੇ ਵਾਂਗੂੰ
ضمیراں نیں اگر زندہ تاں بولی وی سلامت ھَے
نہیں تاں بولی مر جاندی کسے لاچار دے وانگُوں
ਜ਼ੁਬਾਨਾਂ ਹਨ ਉਨ੍ਹਾਂ ਕੌ਼ਮਾਂ ਦੀਆਂ ਖ਼ੁਸ਼ਹਾਲ ਤੇ ਜ਼ਿੰਦਾ
ਜਿਨ੍ਹਾਂ ਕੌ਼ਮਾਂ ਕ਼ਲਮ ਨੂੰ ਵਰਤਿਐ ਹਥਿਆਰ ਦੇ ਵਾਂਗੂੰ
زُباناں ھن اُنہاں قَوماں دیاں خوش حال تے زندہ
جنہاں قَوماں قلم نُوں ورتئیے ہتھیار دے وانگُوں
ਮਿਰੀ ਮਾਤਾ ਦੀਆਂ ਭੈਣਾਂ ਨੇ ਦੋ, ਉਰਦੂ ਤੇ ਹਿੰਦੀ ਵੀ
ਜਗਤ ਵਿਚ ਸਭ ਤੋਂ ਆਦਰਸ਼ਕ ਮਿਰੇ ਪਰਿਵਾਰ ਦੇ ਵਾਂਗੂੰ
مری ماتا دیاں بَھیناں نیں دو، اُردو تے ہندی وی
جگت وچ سبھ توں آدرشک مرے پروار دے وانگُوں
ਜਦੋਂ ਪਹਿਲੀ ਦਫ਼ਾ ਬੱਚਾ ਉਚਰਦੈ ਤੋਤਲੀ ਬੋਲੀ
ਤਾਂ ਹਿਰਦਾ ਮਾਪਿਆਂ ਦਾ ਟਹਿਕਦੈ ਗੁਲਜ਼ਾਰ ਦੇ ਵਾਂਗੂੰ
جدوں پہلی دفعہ بالک اُچردَے توتلی بولی
تاں ہردا ماپیاں دا ٹہکدَے گُلزار دے وانگوں
ਐ ਮਾਏ ਮੇਰੀਏ ! ਦਰਸ਼ਨ ਸੁਖਾਲ਼ੇ ਨੇ ਬਹੁੁਤ ਤੇਰੇ
ਮੈਂ ਰਚਨਾ ਰਚਦਾ ਪੜ੍ਹਦਾ ਹਾਂ ਤਿਰੇ ਦੀਦਾਰ ਦੇ ਵਾਂਗੂੰ
اَے مایے میریے ! درشن سُکھالے نیں بہُت تیرے
میں رچنا رچدا پڑھدا ہان ترے دیدار دے وانگُوں
ਵਿਦੇਸ਼ੀ ਬੋਲੀਆਂ ਦੇ ਹਮਲਿਆਂ ਤੋਂ ਜੇ ਬਚਾਉਣਾ ਹੈ
ਤਾਂ ਵਰਤੋ ਜ਼ਿਹਨ ਨੂੰ ਲਾਜ਼ਿਮ ਤੁਸੀਂ ਰਾਡਾਰ ਦੇ ਵਾਂਗੂੰ
ودیشی بولیاں دے حملیاں ںتوں جے بچاؤنا ھَے
تاں ورتو ذہن نُوں لازم تُسیں راڈار دے وانگُوں
ਮੈਂ ਬਹੁ-ਭਾਸ਼ੀ ਤਾਂ ਹਾਂ, ਲੇਕਿਨ ਨਹੀਂ ਗ਼ੱਦਾਰ ਮੈਂ 'ਸ਼ੈਦਾ'
ਹਮੇਸ਼ਾ ਮਾਂ ਨੂੰ ਮਾਂ ਹੀ ਆਖਿਐ ਖ਼ੁਦਦਾਰ ਦੇ ਵਾਂਗੂੰ
میں بہو بھاشی تاں ہاں لیکن نہیں غدار میں شَیدا
ھمیشہ ماں نُوں ماں ھی آکھیےخوددار دے وانگُوں
ਅੰਮਿ੍ਤਪਾਲ ਸਿੰਘ ਸ਼ੈਦਾ امرت پال سنگھ شَیدا-
ਮੋਬਾਈਲ -98552 32575
Subscribe to:
Post Comments (Atom)
ਬਹੁਤ ਖੂਬ
ReplyDelete